Fact Check
ਕੀ ਰਾਹੁਲ ਗਾਂਧੀ ਨੇ ਕਿਸਾਨਾਂ ਖਿਲਾਫ਼ ਦਿੱਤਾ ਬਿਆਨ? ਐਡਿਟਡ ਕਲਿਪ ਵਾਇਰਲ
ਸੋਸ਼ਲ ਮੀਡੀਆ ‘ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਗੁੰਮਰਾਹਕੁੰਨ ਖਬਰਾਂ ਫੈਲ ਰਹੀਆਂ ਹਨ। ਇਸ ਦੌਰਾਨ ਕਾਂਗਰਸ ਲੀਡਰ ਰਾਹੁਲ ਗਾਂਧੀ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿਚ ਰਾਹੁਲ ਗਾਂਧੀ ਨੂੰ ਕਿਸਾਨਾਂ ਦੇ ਖਿਲਾਫ ਬੋਲਦੇ ਹੋਏ ਸੁਣਾਈ ਦਿੱਤਾ ਜਾ ਸਕਦਾ ਹੈ।
ਫੇਸਬੁੱਕ ਯੂਜ਼ਰ ਨੇ ਵਾਇਰਲ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ, ”किसान का कर्ज़ा माफ नहीं करना चाहिए क्योंकि अगर कर्ज़ा माफ किया तो किसान को आदत हो जाएगी। किसान हितैषी राहुल गांधी”
ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਆਪਣੀ ਪੜਤਾਲ ਦੇ ਪਹਿਲੇ ਪੜਾਅ ਵਿੱਚ ਵਾਇਰਲ ਕਲਿੱਪ ਨੂੰ ਧਿਆਨ ਦੇ ਨਾਲ ਸੁਣਿਆ। ਵਾਇਰਲ ਵੀਡੀਓ ਦੇ ਵਿਚ ਰਾਹੁਲ ਗਾਂਧੀ ਕਹਿ ਰਹੇ ਹਨ, ‘ਕਿਸਾਨ ਦਾ ਕਰਜਾ ਮਾਫ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਕਿਸਾਨ ਦਾ ਕਰਜਾ ਮਾਫ ਕਰ ਦਿੱਤਾ ਤਾਂ ਕਿਸਾਨਾਂ ਦੀ ਆਦਤ ਖਰਾਬ ਹੋ ਜਾਵੇਗੀ।’
ਅਸੀਂ ਇਸ ਵਾਇਰਲ ਵੀਡੀਓ ਨੂੰ ਲੈ ਕੇ ਖ਼ਬਰਾਂ ਨੂੰ ਖੰਗਾਲਣਾ ਸ਼ੁਰੂ ਕੀਤਾ ਕਿ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਜਾਂ ਨਹੀਂ। ਸਰਚ ਦੇ ਦੌਰਾਨ ਸਾਨੂੰ ਰਾਹੁਲ ਗਾਂਧੀ ਦੁਆਰਾ ਕਿਸਾਨਾਂ ਦੇ ਖਿਲਾਫ਼ ਇਸ ਤਰ੍ਹਾਂ ਦਾ ਬਿਆਨ ਨਹੀਂ ਮਿਲਿਆ।
ਪੜਤਾਲ ਦੇ ਦੌਰਾਨ ਸਾਨੂੰ Indian National Congress ਦੇ ਯੂਟਿਊਬ ਪੇਜ਼ ‘ਤੇ ਰਾਹੁਲ ਗਾਂਧੀ ਦਾ 2 ਸਾਲ ਪੁਰਾਣਾ ਕਿਸਾਨਾਂ ਨੂੰ ਲੈ ਕੇ ਦਿੱਤੇ ਹੋਏ ਭਾਸ਼ਣ ਦਾ ਇਕ ਵੀਡੀਓ ਮਿਲਿਆ। ਵੀਡੀਓ ਦੇ ਕੈਪਸ਼ਨ ਮੁਤਾਬਕ , ਇਹ ਵੀਡੀਓ ਰਾਹੁਲ ਗਾਂਧੀ ਦੇ ਬਿਲਾਸਪੁਰ ਕਿਸਾਨ ਆਦਿਵਾਸੀ ਰੈਲੀ ਦੇ ਦੌਰਾਨ ਕੀਤੇ ਗਏ ਸੰਬੋਧਨ ਦੀ ਹੈ।
ਅਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਕਹਿ ਰਹੇ ਨੇ, ”ਪਿਛਲੇ ਸਾਲ ਹਿੰਦੁਸਤਾਨ ਦੀ ਸਰਕਾਰ ਨੇ ਢਾਈ ਲੱਖ ਕਰੋੜ ਰੁਪਏ ਨਾਲ ਹਿੰਦੁਸਤਾਨ ਦੇ 15 ਵੱਡੇ ਉਦਯੋਗਪਤੀਆਂ ਦਾ ਕਰਜਾ ਮੁਆਫ ਕੀਤਾ ਹੈ, ਜੋ ਸਰਕਾਰ ਸਿਰਫ 15 ਲੋਕਾਂ ਲਈ ਢਾਈ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰ ਸਕਦੀ ਹੈ ਉਹੀ ਸਰਕਾਰ ਹਿਦੁੰਸਤਾਨ ਦੇ ਕਰੋੜਾਂ ਲੋਕਾਂ ਦੇ ਲਈ ਇਕ ਵੀ ਰੁਪਇਆ ਵੀ ਕਰਜਾ ਮਾਫ ਨਹੀਂ ਕਰ ਸਕਦੀ। ਉਹਨਾਂ ਦੇ ਨੇਤਾ ਕਹਿੰਦੇ ਹਨ ਕਿ ਕਿਸਾਨਾਂ ਦਾ ਕਰਜਾ ਮਾਫ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਕਿਸਾਨਾਂ ਦਾ ਕਰਜਾ ਮਾਫ ਕੀਤਾ ਤਾਂ ਉਹਨਾਂ ਦੀ ਆਦਤ ਖਰਾਬ ਹੋ ਜਾਵੇਗੀ।”
ਇਸ ਬਿਆਨ ਨੂੰ ਤੁਸੀਂ 27.57 ਤੋਂ ਲੈ ਕੇ 28.53 ਤੱਕ ਸੁਣ ਸਕਦੇ ਹੋ।
ਰਾਹੁਲ ਗਾਂਧੀ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਜਦੋਂ ਆਪਣੇ ਕਰੀਬੀਆਂ ਦੇ ਕਰਜ਼ੇ ਮੁਆਫ ਕਰਦੀ ਹੈ ਤਾਂ ਲੱਖਾਂ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਨੇ ਪਰ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਕਿਸਾਨਾਂ ਦੀ ਆਦਤ ਖਰਾਬ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ। ਅਸੀਂ ਪਾਇਆ ਕਿ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਦਾ ਵਾਇਰਲ ਹੋ ਰਿਹਾ ਵੀਡੀਓ ਕਲਿੱਪ ਐਡੀਟਡ ਹੈ।
Result: Manipulated
Sources
https://www.youtube.com/watch?v=MrZZ7wF3JMI
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044