Fact Check
Punjab ਦੇ ਸ਼ਹਿਰ ਨਾਭਾ ਵਿੱਚ ਆਇਆ ਭਿਆਨਕ ਹੜ੍ਹ?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਤੇਜ਼ ਬਹਾਵ ‘ਚ ਵਾਹਨਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ (Punjab) ਦੇ ਨਾਭਾ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਂਗਰਸ ਐਮਐਲਏ ਸਾਧੂ ਸਿੰਘ ਧਰਮਸੋਤ ਅਤੇ ਕਾਂਗਰਸ ਸਰਕਾਰ ‘ਤੇ ਤੰਜ ਕੱਸਿਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ “Jagjiwan Singh” ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਧਰਮਸੋਤ ਐੱਮ ਐੱਲੇ ਏ ਦਾ ਵਿਕਾਸ ਦੇਖੋ ਨਾਭਾ ਚ ਸੀਵਰੇਜ ਬੰਦ ਕਰਨ ਸੜਕਾਂ ਨੇ ਧਾਰਨ ਕੀਤਾ ਸੀਵਰੇਜ ਦਾ ਰਸਤਾ ਕਾਗਰਸ ਸਰਕਾਰ ਦਾ ਚਾਰ ਸਾਲ ਦਾ ਵਿਕਾਸ।” ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤਕ 45,000 ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਪੋਸਟ ਦਾ ਆਰਕਾਇਵਡ ਲਿੰਕ ਤੁਸੀ ਇਥੇ ਕਲਿਕ ਕਰਕੇ ਦੇਖ ਸਕਦੇ ਹੋ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਦੀ ਸ਼ੁਰੂਆਤ ‘ਚ ਸਾਨੂੰ “ਅਵਿਨਾਸ਼ ਕਲੈਕਸ਼ਨ” ਦੁਕਾਨ ਦਾ ਬੋਰਡ ਨਜ਼ਰ ਆਇਆ।
ਅੱਗੇ ਵਧਦੇ ਹੋਏ ਅਸੀਂ ਵੀਡੀਓ ਵਿਚ ਦਿੱਸ ਰਹੀ ਦੁਕਾਨ ਬਾਰੇ ਗੂਗਲ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਗੂਗਲ ‘ਤੇ ਇਸ ਦੁਕਾਨ ਨਾਲ ਹੂਬਹੂ ਮੇਲ ਖਾਂਦੀ ਦੁਕਾਨ ਦੀ ਤਸਵੀਰ ਮਿਲੀ। ਇਸ ਦੁਕਾਨ ਦਾ ਨਾਂਅ ਅਵਿਨਾਸ਼ ਕਲੈਕਸ਼ਨ ਸੀ ਅਤੇ ਗੂਗਲ ‘ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਦੁਕਾਨ ਪੰਜਾਬ ਦੇ ਨਾਭਾ ਵਿਚ ਨਹੀਂ ਸਗੋਂ ਰਾਜਸਥਾਨ ਸਥਿਤ ਟੋਡਾਰਾਏ ਸਿੰਘ ਇਲਾਕੇ ਵਿਚ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਗੂਗਲ ‘ਤੇ ਮੌਜੂਦ ਇਸ ਦੁਕਾਨ ਦੀ ਤਸਵੀਰ ਅਤੇ ਵਾਇਰਲ ਵੀਡੀਓ ਵਿਚ ਦਿੱਸ ਰਹੀ ਦੁਕਾਨ ਵਿਚਕਾਰ ਦੀਆਂ ਸਮਾਨਤਾਵਾਂ ਹੇਠਾਂ ਵੇਖੀਆਂ ਜਾ ਸਕਦੀਆਂ ਹਨ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦਿਆ ਹੋਏ ਅਸੀਂ ਰਾਜਸਥਾਨ ਸਥਿਤ ਅਵਿਨਾਸ਼ ਕਲੈਕਸ਼ਨ ਦੇ ਮਾਲਕ ਅਵਿਨਾਸ਼ ਜੈਨ ਨਾਲ ਗੱਲ ਕੀਤੀ। ਅਵਿਨਾਸ਼ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰਦੇ ਹੋਏ ਕਿਹਾ, “ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਸਗੋਂ ਰਾਜਸਥਾਨ ਦੀ ਹੈ। ਉਹਨਾਂ ਨੇ ਕਿਹਾ ਕਿ ਵੀਡੀਓ ਵਿਚ ਬਾਈਕ ਨੂੰ ਫੜ੍ਹਦੇ ਸਮੇਂ ਡਿੱਗਦੇ ਦਿੱਸ ਰਹੇ ਵਿਅਕਤੀ ਮੇਰੇ ਦੋਸਤ ਮਨਜੀਤ ਸਿੰਘ ਹਨ। ਉਹਨਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਉਹਨਾਂ ਦੇ ਦੁਕਾਨ ਦੇ ਬਾਹਰ ਦੀ ਹੈ ਇਹ ਵੀਡੀਓ 2 ਸਾਲ ਪੁਰਾਣਾ ਹੈ।”
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਨਾਭੇ ਦੀ ਨਹੀਂ ਸਗੋਂ ਰਾਜਸਥਾਨ ਦੀ ਹੈ। ਵੀਡੀਓ ਵਿਚ ਦਿਖਾਈ ਦੇ ਰਹੀ ਇੱਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਵੀਡੀਓ 2 ਸਾਲ ਪੁਰਾਣਾ ਅਤੇ ਰਾਜਸਥਾਨ ਦਾ ਹੈ।
Result: Misleading
Our Sources
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044